ਮੋਗਾ, 10 ਦਸੰਬਰ,
ਅੱਜ ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਸਟਾਫ ਮੀਟਿੰਗ ਕੀਤੀ ਗਈ ਅਤੇ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਹਨਾਂ ਸਕੀਮਾਂ ਵਿੱਚ ਅੰਕੜਾ ਸ਼ਾਖਾ, ਬੀਜ ਸ਼ਾਖਾ, ਇੰਨਫੋਰਸਮੈਂਟ ਸ਼ਾਖਾ, ਪੀ.ਪੀ. ਸ਼ਾਖਾ, ਇੰਜੀਨੀਅਰਿੰਗ ਸ਼ਾਖਾ, ਆਤਮਾ ਸ਼ਾਖਾ ਅਤੇ ਭੌਂ ਪਰਖ ਲੈਬ ਸਬੰਧੀ ਸੰਖੇਪ ਵਿੱਚ ਚਰਚਾ ਕੀਤੀ ਗਈ। ਉਪਰੋਕਤ ਸਕੀਮਾਂ ਦੀ ਬਲਾਕ ਪੱਧਰ ਉੱਪਰ ਪ੍ਰਗਤੀ ਵਾਚਣ ਉਪਰੰਤ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਇਹਨਾਂ ਸਕੀਮਾਂ ਦੇ ਟੀਚੇ ਸਮੇਂ ਸਿਰ ਮੁਕੰਮਲ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਇਸ ਸਮੇਂ ਮੁੱਖ ਖੇਤੀਬਾੜੀ ਅਫ਼ਸਰ ਨੇ ਕਣਕ ਦੀ ਫ਼ਸਲ ਉੱਪਰ ਹੋ ਰਹੇ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਵੀ ਸਾਰੇ ਸਟਾਫ ਨੂੰ ਹਦਾਇਤ ਕੀਤੀ ਕਿ ਰੋਜ਼ਾਨਾ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਾਵੇ ਅਤੇ ਇਸਦੀ ਰੋਕਥਾਮ ਸਬੰਧੀ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕੀਟਨਾਸ਼ਕ ਦਵਾਈਆਂ ਸਬੰਧੀ ਜਾਣਕਾਰੀ ਦਿੱਤੀ ਜਾਵੇ। ਇਸ ਸਮੇਂ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਦੀ ਪ੍ਰਗਤੀ ਵਾਚੀ ਗਈ ਅਤੇ ਹਦਾਇਤ ਕੀਤੀ ਗਈ ਕਿ ਪਿੰਡ ਪੱਧਰ/ਬਲਾਕ ਪੱਧਰ ਦੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਖੇਤੀ ਵਿਭਾਗ ਦੀਆਂ ਗਤੀਵਿਧੀਆਂ ਕਰਨ ਤਾਂ ਜੋ ਕਿਸਾਨਾਂ ਤੱਕ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਸਕੇ।
ਉਹਨਾਂ ਵੱਲੋਂ ਯੂਰੀਆ ਖਾਦ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ਼੍ਹੇ ਵਿੱਚ 70 ਪ੍ਰਤੀਸ਼ਤ ਯੂਰੀਆ ਮੌਜੂਦ ਹੈ ਅਤੇ ਬਾਕੀ ਰਹਿੰਦੀ ਸਪਲਾਈ ਵੀ ਜਲਦੀ ਪੂਰੀ ਹੋ ਜਾਵੇਗੀ। ਉਹਨ੍ਹਾਂ ਵੱਲ਼ੋਂ ਇਹ ਭਰੋਸਾ ਦਿਵਾਇਆ ਗਿਆ ਕਿ ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਦੇ ਅੰਤ ਵਿੱਚ ਡਾ.ਗੁਰਪ੍ਰੀਤ ਸਿੰਘ, ਜ਼ਿਲ੍ਹਾ ਸਿਖਲਾਈ ਅਫ਼ਸਰ ਵੱਲੋਂ ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਸਿਖਲਾਈ ਅਫ਼ਸਰ, ਸਮੂਹ ਬਲਾਕ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਵਿਸਥਾਰ ਅਫ਼ਸਰ, ਖੇਤੀਬਾੜੀ ਉੱਪ ਨਿਰੀਖਕ, ਪ੍ਰੋਜੈਕਟ ਡਾਇਰੈਕਟਰ (ਆਤਮਾ) ਅਤੇ ਸਮੂਹ ਆਤਮਾ ਸਟਾਫ਼, ਖੇਤੀਬਾੜੀ ਇੰਜੀਨੀਅਰ ਮੌਜੂਦ ਸਨ