Breaking
23 Dec 2024, Mon

ਜ਼ਿਲ੍ਹਾ ਪ੍ਰਸ਼ਾਸ਼ਨ 19 ਤੋਂ 24 ਦਸੰਬਰ ਤੱਕ ਮਨਾਏਗਾ ਸੁਸ਼ਾਸ਼ਨ ਹਫ਼ਤੇ ਦਾ ਜਸ਼ਨ

ਮੋਗਾ, 18 ਦਸੰਬਰ (000) – ਭਾਰਤ ਸਰਕਾਰ ਦੇ ਪ੍ਰਸ਼ਾਸ਼ਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਅਤੇ ਪੰਜਾਬ ਸਰਕਾਰ ਦੇ ਗਵਰਨੈਂਸ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਡਾਇਰੈਕਟੋਰੇਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ 19 ਤੋਂ 24 ਦਸੰਬਰ ਤੱਕ ਸੁਸ਼ਾਸ਼ਨ ਹਫ਼ਤੇ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ” ਪ੍ਰਸ਼ਾਸ਼ਨ ਗਾਓਂ ਕੀ ਓਰ ” ਮੁਹਿੰਮ ਤਹਿਤ ਆਮ ਲੋਕਾਂ ਨੂੰ ਜਿੱਥੇ ਪ੍ਰਸ਼ਾਸ਼ਨਿਕ ਸੁਧਾਰਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਉਥੇ ਹੀ ਉਹਨਾਂ ਦੀਆਂ ਸ਼ਿਕਾਇਤਾਂ ਦਾ ਵੀ ਪਹਿਲ ਦੇ ਆਧਾਰ ਉੱਤੇ ਨਿਵਾਰਣ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮਿਤੀ 19 ਅਤੇ 20 ਦਸੰਬਰ ਨੂੰ ਐੱਸ ਡੀ ਐੱਮ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਸ਼ਿਕਾਇਤ ਨਿਵਾਰਣ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਅਜਿਹੇ ਕੈਂਪ 23 ਅਤੇ 24 ਦਸੰਬਰ ਨੂੰ ਐੱਸ ਡੀ ਐੱਮ ਦਫ਼ਤਰ ਮੋਗਾ ਵਿਖੇ ਵੀ ਲਗਾਏ ਜਾਣਗੇ। ਮਿਤੀ 21 ਅਤੇ 22 ਦਸੰਬਰ ਨੂੰ ਹਰੇਕ ਵਿਭਾਗ ਵੱਲੋਂ ਆਪਣੇ ਦਫ਼ਤਰ ਪੱਧਰ ਉੱਤੇ ਵਿਸ਼ੇਸ਼ ਮੁਹਿੰਮ ਚਲਾ ਕੇ ਬਕਾਇਆ ਪਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੋ ਵੀ ਵੱਖ ਵੱਖ ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਬਕਾਇਆ ਪਈਆਂ ਹਨ ਉਹਨਾਂ ਸੇਵਾਵਾਂ ਨੂੰ ਮੁਹਈਆ ਕਰਵਾਇਆ ਜਾਵੇਗਾ।

ਮਿਤੀ 23 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਵਿਖੇ ਗੁੱਡ ਗਵਰਨੈਂਸ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। ਇਸ ਵਰਕਸ਼ਾਪ ਵਿੱਚ ਭੂਮੀ ਸੰਭਾਲ ਵਿਭਾਗ, ਪਿਰਾਮਲ ਫਾਉਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਕ੍ਰਮਵਾਰ ਹਾਈਡਰੋਹੋਪ ਪ੍ਰੋਜੈਕਟ, ਅਨੀਮੀਆ ਮੁਕਤ ਮੋਗਾ ਅਤੇ ਅਡਵਾਂਸਡ ਸੋਆਇਲ ਟੈਸਟਿੰਗ ਲੈਬੋਰਟਰੀ ਦੀ ਕਾਰਗੁਜ਼ਾਰੀ ਬਾਰੇ ਵਿਸ਼ੇਸ਼ ਤੌਰ ਉੱਤੇ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸੇਵਾਵਾਂ ਮੁਹਈਆ ਕਰਵਾਉਣ ਦੇ ਖੇਤਰ ਵਧੀਆ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।


ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਸਮੂਹ ਵਿਭਾਗਾਂ ਨੂੰ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਹਦਾਇਤ ਕੀਤੀ ਕਿ 24 ਦਸੰਬਰ ਨੂੰ ਇਸ ਹਫ਼ਤੇ ਦੀ ਸਮਾਪਤੀ ਤੱਕ ਸਾਰੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਅਤੇ ਪਬਲਿਕ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇ।

Leave a Reply

Your email address will not be published. Required fields are marked *